Thursday, 4 January 2007

ਉਹ ਜਿਹੜੇ ਮੁਲਕ ਵਿਆਹੀ...... ਦੇਬੀ ਮਖਸੂਸਪੁਰੀ

ਲੜ੍ਹਨ ਲੱਗੀਆਂ ਅੱਖਾਂ ਨੂੰ ਰੋਕਿਆ ਨਾਂ,
ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ।
ਉਜੜੇ ਘਰਾਂ ਦੇ ਵਿੱਚ ਪਰਿੰਦਿਆਂ ਨੂੰ,
ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ।
ਲੁਟੇ ਦਿਲ ਨੂੰ ਨਵੀਂ ਉਮੀਦ ਵਾਲੇ,
ਦੇਬੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ।
ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ,
ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ।

ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ..........

ਜਿਹਦੇ ਨਾਲ ਮੁਹੱਬਤ ਜਿੰਨੀ, ਉਹ ਓਨਾ ਹੀ ਚੇਤੇ ਆਵੇ।
ਇਕ ਸੋਹਣੀ ਸੂਰਤ ਵਾਲੀ, ਸਾਨੂੰ ਛੱਡ ਕੇ ਹੋ ਗਈ ਰਾਹੀ।
ਦਿਲ਼ ਮੇਰਾ ਕਿੱਨਾ ਕਮਲਾ, ਹਾਲੇ ਵੀ ਆਖੀ ਜਾਂਦਾ,
ਇਕ ਵਾਰ ਹੈ ਓਥੇ ਜਾਣਾ, ਉਹ ਜਿਹੜੇ ਮੁਲਕ ਵਿਆਹੀ।

ਇਕ ਵਾਰ ਹੈ ਓਥੇ ਜਾਣਾ, ਉਹ ਜਿਹੜੇ ਮੁਲਕ ਵਿਆਹੀ.......

ਕੋਈ ਚਾਅ ਸੀ ਜਾਂ ਮਜਬੂਰੀ, ਜਿਹੜੀ ਉਹ ਪਰਦੇਸਣ ਹੋ ਗਈ।
ਪਰ ਇਕ ਗੱਲ ਸੂਰਜ ਵਰਗੀ, ਗਈ ਜਿਧਰ ਕਰਦੀ ਲੋ ਗਈ।
ਹੁਣ ਹੋਰ ਨਿਖਰ ਗਈ ਹੋਣੀ, ਉਹਦੇ ਨਾਲ ਪਰਚ ਗਈ ਹੋਣੀ।
ਉਡਦੀ ਜਿਹੀ ਖ਼ਬਰ ਮਿਲੀ ਏ, ਉਹਨੂੰ ਸੋਹਣਾ ਮਿਲਿਆ ਮਾਹੀ।

ਦਿਲ਼ ਮੇਰਾ ਕਿੱਨਾ ਕਮਲਾ, ਹਾਲੇ ਵੀ ਆਖੀ ਜਾਂਦਾ,
ਇਕ ਵਾਰ ਹੈ ਓਥੇ ਜਾਣਾ, ਉਹ ਜਿਹੜੇ ਮੁਲਕ ਵਿਆਹੀ।

ਬੱਸ ਵੇਖਣ ਨੂੰ ਜੀ ਕਰਦਾ, ਉਂਝ ਵੇਖਿਆਂ ਵੀ ਕੀ ਹੋਣਾ।
ਗੱਲ ਕਰਕੇ ਕੋਈ ਪੁਰਾਣੀ, ਗਲ੍ਹ ਲੱਗਕੇ ਉਹਦੇ ਰੋਣਾ।
ਏਨਾ ਖੁਦਗਰਜ਼ ਨਹੀਂ ਮੈਂ, ਜਿਹੜਾ ਰੋਕਦਾ ਤੈਨੂੰ ਅੜੀਏ।
ਕਿਉਂ ਰੱਖਿਆ ਚਲਾਕੇ ਓਲ੍ਹਾ, ਤੂੰ ਦੱਸਕੇ ਵੀ ਨਾ ਆਈ।

ਦਿਲ਼ ਮੇਰਾ ਕਿੱਨਾ ਕਮਲਾ, ਹਾਲੇ ਵੀ ਆਖੀ ਜਾਂਦਾ,
ਇਕ ਵਾਰ ਹੈ ਓਥੇ ਜਾਣਾ, ਉਹ ਜਿਹੜੇ ਮੁਲਕ ਵਿਆਹੀ।

ਮੈਂ ਕਦੇ੍ ਕਦੇ੍ ਪਾ ਲਇਨਾ, ਉਹਦੇ ਹੱਥ ਦਾ ਸਵੈਟਰ ਬੁਣਿਆ।
ਮੇਰੇ ਦਿਲ਼ ਤੋਂ ਮਿਟ ਨਹੀਂ ਸਕਦਾ, ਨਾਂ ਉਹਦਾ ਡੂੰਘਾ ਗੁਣਿਆ।
ਮੇਰੇ ਛੱਲੇ ਦਾ ਕੀ ਬਣਿਆ, ਰੱਬ ਜਾਣੇ ਜਾਂ ਉਹ ਜਾਣੇ।
'ਦੇਬੀ' ਨੇ ਉਹਦੀ ਮੁੰਦਰੀ, ਕਦੀ ਉਂਗਲੀ 'ਚੋਂ ਨਾ ਲਾਹੀ।

ਦਿਲ਼ ਮੇਰਾ ਕਿੱਨਾ ਕਮਲਾ, ਹਾਲੇ ਵੀ ਆਖੀ ਜਾਂਦਾ,
ਇਕ ਵਾਰ ਹੈ ਓਥੇ ਜਾਣਾ, ਉਹ ਜਿਹੜੇ ਮੁਲਕ ਵਿਆਹੀ.......

No comments: